ਇਹ ਦਿਨ شاہ مکھی

ਹਿੰਦੋਸਤਾਨ ਵਿਚ ਪਰਜਾਰਾਜ ਦੀ ਸਥਾਪਤੀ ਲਈ ਸਮਾਂ ਬੜਾ ਸਾਜ਼ਗਾਰ ਹੈ
 

15 ਅਗਸਤ 2001 ਦਾ ਦਿਹਾੜਾ ਸਾਡੇ ਸਾਰਿਆਂ ਲਈ ਆਪਣੇ ਮੁਲਕ ਅਤੇ ਲੋਕਾਂ ਦੀ ਤਕਦੀਰ ਬਾਰੇ ਸੋਚਣ ਦਾ ਦਿਨ ਦਾ ਹੈ। ਇਕ ਵਾਰ ਫਿਰ ਇਹ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਬਰਤਾਨਵੀ ਬਸਤੀਵਾਦੀਆਂ ਨੂੰ ਬਾਹਰ ਕੱਢ ਕੇ ਮੁਲਕ ਵਿਚ ਪਰਜਾਰਾਜ ਸਥਾਪਤ ਕਰਨ ਲਈ ਸਾਡੇ ਲੋਕਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਪਰ ਹਿੰਦੋਸਤਾਨ ਵਿਚ ਪਰਜਾ ਦਾ ਰਾਜ ਕਾਇਮ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਹਾਲੇ ਤੱਕ ਸੁਫ਼ਨਾ ਹੀ ਹੈ ਹਕੀਕਤ ਨਹੀਂ ਬਣਿਆਂ। ਪਿਛਲੇ ਸਾਲ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਬੋਲਦਿਆਂ ਹਿੰਦੋਸਤਾਨ ਦੇ ਰਾਸ਼ਟਰਪਤੀ ਕੇ. ਆਰ. ਨਰਾਇਨਨ ਨੇ ਦਸਿਆ ਸੀ ਕਿ 1947 ਤੋਂ ਬਾਅਦ ਦਾ ਆਜ਼ਾਦ ਭਾਰਤ ਹਿੰਦੋਸਤਾਨ ਦੇ ਆਮ ਲੋਕਾਂ ਲਈ ਦੋਜ਼ਖ਼ ਬਣਿਆਂ ਹੋਇਆ ਹੈ ਜਿਥੇ ਤਾਕਤ ਅਤੇ ਪੈਸੇ ਦੀ ਹੀ ਚਲਦੀ ਹੈ। ਇਸ ਸਾਲ ਦੇ ਅਜ਼ਾਦੀ ਦਿਵਸ ਉਤੇ ਕੌਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਕ ਵਾਰ ਫੇਰ ਕਿਹਾ ਕਿ ਮੁਲਕ ਦੇ "ਬਹੁ-ਗਿਣਤੀ ਲੋਕਾਂ" ਦੀ ਹਾਲਤ ਬਹੁਤ ਮਾੜੀ ਹੈ ਜਿਨ੍ਹਾਂ ਦੇ " ਸਬਰ ਦਾ ਪਿਆਲਾ ਭਰ ਚੁਕਾ" ਹੈ ਅਤੇ ਉਹ ਆਵਾਜ਼ ਉਠਾ ਰਹੇ ਹਨ।

ਆਮ ਲੋਕ ਵੀ ਮੁਲਕ ਦੇ ਕੋਨੇ ਕੋਨੇ ਵਿਚ ਇਹੋ ਗਲ ਕਹਿ ਰਹੇ ਹਨ। ਤਹਿਲਕਾ ਸਕੈਂਡਲ, ਯੂ.ਟੀ.ਆਈ. ਘਪਲੇ, ਹਰੀਜਨਾਂ ਦੇ ਪਿੰਡਾਂ ਨੂੰ ਅੱਗਾਂ ਲਾਉਣੀਆਂ, ਆਮ ਲੋਕਾਂ ਨੂੰ ਪੀਣ ਵਾਲੇ ਪਾਣੀ, ਖੁਰਾਕ, ਅਤੇ ਸਿਰ ਢੱਕਣ ਲਈ ਥਾਂ ਦੀ ਘਾਟ, ਆਦਿ, ਉਸ ਚੀਜ਼ ਦੀਆਂ ਜੀਂਦੀਆਂ ਜਾਗਦੀਆਂ ਮਿਸਾਲਾਂ ਹਨ ਜਿਸ ਦੀ ਗੱਲ ਹਿੰਦੋਸਤਾਨ ਦਾ ਰਾਸ਼ਟਰਪਤੀ ਵੀ ਕਰ ਰਿਹਾ ਹੈ। 1947 ਵਿਚ ਬਰਤਾਨਵੀ ਬਸਤੀਵਾਦੀਆਂ ਨੇ ਸਿਆਸੀ ਤਾਕਤ ਆਪਣੇ ਹਿੰਦੋਸਤਾਨੀ ਜੋਟੀਦਾਰਾਂ ਦੇ ਹਵਾਲੇ ਕਰ ਦਿਤੀ। ਉਸ ਵੇਲੇ ਰਾਜ ਕਰਨ ਦੀ ਤਾਕਤ ਪਰਜਾ ਦੇ ਹੱਥਾਂ ਵਿਚ ਨਹੀਂ ਸੀ ਗਈ ਬਲਕਿ ਇਕ ਚੋਣਵੇ ਤਬਕੇ ਨੇ ਸਤਾ ਸੰਭਾਲ ਲਈ ਜਿਸ ਦੇ ਹਿਤ ਇਸ ਵਿਚ ਸਨ ਕਿ ਬਰਤਾਨਵੀ ਬਸਤੀਵਾਦੀ ਦੇ ਅਦਾਰੇ ਪਾਰਲੀਮੈਂਟ, ਫੌਜ, ਪੁਲਸ, ਅਦਾਲਤਾਂ, ਵਿਦਿਅਕ ਪ੍ਰਬੰਧ ਅਤੇ ਵਿਧਾਨ ਕਾਇਮ ਰੱਖੇ ਜਾਣ ਜੋ ਬਰਤਾਨਵੀ ਬਸਤੀ ਵਾਦੀਆਂ ਨੇ ਆਪਣੇ ਮੰਤਵ ਅਤੇ ਹਿੱਤ ਪੂਰੇ ਕਰਨ ਲਈ ਬਣਾਏ ਹੋਏ ਸਨ।
ਇਸ ਹਾਕਮ ਤਬਕੇ ਨੇ ਸਾਰੇ ਦਾ ਸਾਰਾ ਬਸਤੀਵਾਦੀ ਨਿਜ਼ਾਮ ਜਿਉਂ ਦਾ ਤਿਉਂ ਕਾਇਮ ਰੱਖਿਆ ਜਿਸ ਦਾ ਨਤੀਜਾ ਹਿੰਦੋਸਤਾਨ ਦੇ ਲੋਕਾਂ ਦੀ ਅੱਜ ਦੀ ਮੰਦੀ ਦਸ਼ਾ ਹੈ।

ਪਰਜਾਰਾਜ ਦੀ ਮੰਗ ਇਹ ਹੈ ਕਿ ਸਾਰੀ ਤਾਕਤ ਪਰਜਾ ਦੇ ਹੱਥਾਂ ਵਿਚ ਹੋਵੇ ਤੇ ਵਿਚ ਕੋਈ ਵਿਚੋਲਾ ਨਾ ਹੋਵੇ। ਪਰਜਾ ਇਕ ਇਹੋ ਜਿਹਾ ਬੰਦੋਬਸਤ ਕਾਇਮ ਕਰੇ ਜੋ ਸਾਰੇ ਲੋਕਾਂ ਦੇ ਸੁਖ ਅਤੇ ਰਖਵਾਲੀ ਦਾ ਜ਼ਾਮਨ ਹੋਵੇ। 15 ਅਗਸਤ 1947 ਵਿਚ ਇਸ ਤਰ੍ਹਾਂ ਦਾ ਪਰਜਾਰਾਜ ਹੋਂਦ ਵਿਚ ਨਹੀਂ ਸੀ ਆਇਆ ਬਲਕਿ ਇਕ ਐਸਾ ਰਾਜ ਵਿਚ ਹੋਂਦ ਵਿਚ ਆਇਆ ਜੋ ਅਸਲ ਵਿਚ ਬਰਤਾਨਵੀ ਬਸਤਵਾਦੀਆਂ ਦਾ ਹੀ ਨਿਜ਼ਾਮ ਸੀ ਪਰ ਇਸ ਨਿਜ਼ਾਮ ਨੂੰ ਚਲਾਉਣ ਵਾਲੇ ਚਿਹਰੇ ਹਿੰਦੋਸਤਾਨੀ ਸਨ। ਹਿੰਦੋਸਤਾਨ ਦੇ ਲੋਕ ਜਿਨ੍ਹਾਂ ਨੇ ਇਕ ਐਸਾ ਪਰਜਾਰਾਜ ਸਥਾਪਤ ਕਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿਤੀਆਂ ਸਨ ਜਿਸ ਅੰਦਰ ਸਾਰੀ ਸਿਆਸੀ ਤੇ ਆਰਥਕ ਤਾਕਤ ਦੇ ਮਾਲਕ ਲੋਕ ਹੋਣ ਇਕ ਵਾਰ ਫੇਰ ਸ਼ਿਕਸਤ ਖਾ ਗਏ। ਹਿੰਦੋਸਤਾਨ ਦੇ ਹਾਕਮ ਤਬਕਿਆਂ ਨੇ ਸਦੀਆਂ ਪੁਰਾਣੀ ਹਿੰਦੋਸਤਾਨ ਦੀ ਰਾਜ ਚਲਾਉਣ ਦੀ ਕਲਾ ਅਤੇ ਤਜਰਬੇ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਅਠਾਰਵੀਂ ਸਦੀ ਦੇ ਯੋਰਪੀਅਨ ਲਿਬਰਲਵਾਦ ਉਤੇ ਅਧਾਰਤ ਬਰਤਾਨਵੀ ਬਸਤੀਵਾਦੀਆਂ ਦੇ ਬੰਦੋਬਸਤਾਂ ਉਤੇ ਟੇਕ ਰੱਖੀ ਜੋ ਇਹ ਮੰਨਕੇ ਤੁਰਦੇ ਹਨ ਕਿ ਲੋਕਾਂ ਨੂੰ ਹੱਕ ਇਸ ਹਿਸਾਬ ਨਾਲ ਹਨ ਕਿ ਕਿਸੇ ਕੋਲ ਜ਼ਮੀਨ ਜਾਇਦਾਦ ਜਾਂ ਧਨ ਕਿੰਨਾਂ ਹੈ, ਇਸ ਲਿਹਾਜ਼ ਨਾਲ ਨਹੀਂ ਕਿ ਸਾਰੇ ਇਨਸਾਨ ਹਨ ਤੇ ਬਤੌਰ ਇਨਸਾਨਾਂ ਦੇ ਸਾਰਿਆਂ ਦੇ ਇਕੋ ਜਿਹੇ ਹੱਕ ਹਨ। ਹਿੰਦੋਸਤਾਨ ਦੇ ਲੋਕਾਂ ਦੀ ਅੱਜ ਜੋ ਮੰਦੀ ਹਾਲਤ ਹੈ ਇਸਦੀ ਜੜ੍ਹ ਬਰਤਾਨਵੀ ਬਸਤੀਵਾਦੀਆਂ ਦਾ ਕਾਇਮ ਕੀਤਾ ਹੋਇਆ ਉਹ ਨਿਜ਼ਾਮ ਹੈ ਜੋ 15 ਅਗਸਤ 1947 ਨੂੰ ਖ਼ਤਮ ਨਹੀਂ ਸੀ ਕੀਤਾ ਗਿਆ ਤੇ ਹਾਲੇ ਤੱਕ ਬਰਕਰਾਰ ਹੈ।

ਵੇਲੇ ਦੀ ਜ਼ਰੂਰਤ ਹੈ ਕਿ ਇਸ ਪੁਰਾਣੇ ਨਿਜ਼ਾਮ ਦਾ ਖ਼ਾਤਮਾਂ ਕਰਕੇ ਐਸੇ ਨਵੇਂ ਬੰਦੋਬਸਤ ਬਣਾਏ ਜਾਣ ਜੋ ਲੋਕਾਂ ਦੇ ਹਿਤਾਂ ਨੂੰ ਪੂਰਾ ਕਰਨ। ਸਮਾਂ ਮੰਗ ਕਰ ਰਿਹਾ ਹੈ ਕਿ ਹਿੰਦੋਸਤਾਨ ਦਾ ਕਾਇਆ ਕਲਪ ਹਿੰਦੋਸਤਾਨੀਆਂ ਦੇ ਫਲਸਫ਼ੇ ਅਤੇ ਸਿਧਾਂਤ ਅਨੁਸਾਰ ਕੀਤਾ ਜਾਵੇ ਤਾਂਕਿ ਇਕ ਐਸਾ ਪਰਜਾਰਾਜ ਹੋਂਦ ਵਿਚ ਆਵੇ ਜੋ ਸਾਰਿਆਂ ਦੇ ਸੁਖ ਅਤੇ ਰਖਵਾਲੀ ਦੀ ਗਰੰਟੀ ਦੇਵੇ। ਹਿੰਦੋਸਤਾਨ ਵਿਚ ਇਸ ਤਰ੍ਹਾਂ ਦੇ ਪਰਜਾਰਾਜ ਦੀ ਅਜ ਬਹੁਤ ਲੋੜ ਵੀ ਹੈ ਤੇ ਸਮਾਂ ਵੀ ਬੜਾ ਸਾਜ਼ਗਾਰ ਹੈ।

ਇੰਡੀਅਨ ਪ੍ਰੌਗਰੈਸਿਵ ਸਟੱਡੀ ਗਰੁਪ
ਉਤਰਾਖੰਡ ਸਪੋਰਟ ਕਮੇਟੀ

Back to top      Back to Home Page